| Similar Articles | Articles by this Reporter | |
| Contact Reporter | Tell-a-friend |
ਦਿਲ ਦੇ ਰੋਗ ਕੋਈ ਨਵੇਂ ਨਹੀਂ ਮਨੁੱਖ ਲਈ, ਇਹ ਓਨੇ ਹੀ ਪੁਰਾਣੇ ਹਨ ਜਿੰਨਾ ਪੁਰਾਣਾ ਮਨੁੱਖ। ਸੱਚ ਤਾਂ ਇਹ ਹੈ ਕਿ ਪਹਿਲਾਂ ਦਿਲ ਦੇ ਦੌਰੇ ਕਾਰਨ ਕਿਹਾ ਜਾਂਦਾ ਸੀ ਕਿ ਬਈ ਫਲਾਣਾ ਤਾਂ ਸਾਧ ਦੀ ਮੌਤ ਮਰਿਆ ਹੈ ਪਤਾ ਹੀ ਨਹੀਂ ਚਲਿਆ ਕਦੋਂ ਪ੍ਰਾਣ ਪਖੇਰੂ ਉੱਡ ਗਏ। ਬਾਈ ਮੇਰੇ ਸਾਹਮਣੇ ਬੈਠਾ ਗੱਲਾਂ ਕਰ ਰਿਹਾ ਸੀ ਬਸ ਉਹ ਗਿਆ ਉਹ ਗਿਆ। ਅਸਲ ਵਿਚ ਤਾਂ ਭੁਚਾਲ ਆਉਣ ਵਾਲੀ ਗੱਲ ਜਿਹੀ ਹੁੰਦੀ ਹੈ
ਦਿਲ ਹੈ ਸੰਵੇਦਨਸ਼ੀਲ ਅਤੇ ਹਾਰਟ ਕ੍ਰਿਆਸ਼ੀਲ। ਇਹੋ ਫਰਕ ਹੈ ਦੋਵਾਂ ਦਿਲਾਂ ਵਿਚ। ਜਿਹੜਾ ਕ੍ਰਿਆਸ਼ੀਲ ਹੁੰਦਾ ਹੈ ਉਸ ਦੀ ਟੁੱਟ ਫੁੱਟ ਸੁਭਾਵਿਕ ਹੈ ਸਾਰੇ ਜਾਣਦੇ ਹਾਂ ਕਿ ਜੇ ਮਸ਼ੀਨ ਚੱਲੂ ਤਾਂ ਕੁਝ ਨਾ ਕੁਝ ਖਰਾਬ ਤਾਂ ਹੋਇਆ ਹੀ। ਮੁਰੰਮਤ ਦੀ ਲੋੜ ਹੁੰਦੀ ਹੈ ਚਲਦੀ ਚੀਜ਼ ਨੂੰ ਚਲਦੀ ਰੱਖਣ ਲਈ। ਇਹੋ ਕੁਝ ਹੀ ਹੁੰਦਾ ਹੈ ਦਿਲ ਨਾਲ। ਰੱਬ ਦੀ ਇਸ ਮਸ਼ੀਨ ਦਾ ਕੋਈ ਸਾਨੀ ਨਹੀਂ। ਹਸਪਤਾਲ ਵਿਚ ਇਕ ਮਰੀਜ਼ ਜੋ ਕਾਰਡਿਕ ਮੋਨੀਟਰ ’ਤੇ ਸੀ, ਨੇ ਮੈਨੂੰ ਪੁੱਛਿਆ ਕਿ ਡਾਕਟਰ ਸਾਹਿਬ ਇਹ ਲੀਕਾਂ ਉੱਪਰ ਹੇਠਾਂ ਕੀ ਹਨ, ਮੇਰੇ ਮੂੰਹੋਂ ਨਿਕਲ ਗਿਆ ਬਾਈ ਜਦ ਤੱਕ ਇਹ ਵੀਡੀਓ ਗੇਮ ਚਲ ਰਹੀ ਹੈ ਤੂੰ ਜਿਊਂਦਾ ਹੈ ਜੇ ਇਹ ਖੜੋ ਗਈ ਤਾਂ ਤੈਨੂੰ ਕੁਝ ਦਿਸਣਾ ਨਹੀਂ, ਤੇਰੀ ਪੱਕੀ ਛੁੱਟੀ।
ਦਰਅਸਲ ਦਿਲ ਦੇ ਖਰਾਬ ਹੋਣ ਦੇ ਕਈ ਕਾਰਨ ਹਨ। ਬਹੁਤਿਆਂ ਬਾਰੇ ਤਾਂ ਕਿਸੇ ਨੂੰ ਵੀ ਪਤਾ ਨਹੀਂ ਹੈ ਕਿ ਆਖਿਰ ਕੀ ਹੈ ਕਾਰਡਿਆਲੋਜਿਸਟ ਦੇ ਖੜ੍ਹੇ ਖੜ੍ਹੇ ਬੰਦੇ ਦਾ ਦਿਲ ਬੈਠ ਜਾਂਦਾ ਹੈ ਉਸ ਨੂੰ ਪਤਾ ਹੀ ਨਹੀਂ ਚਲਦਾ ਕਿ ਕੀ ਹੋ ਗਿਆ ਸਿਵਾਏ ਸੌਰੀ ਕਹਿਣ ਦੇ।
ਕੁਝ ਕਹਿੰਦੇ ਹਨ ਕਿ ਖੂਨ ਦੀ ਨਾਲੀਆਂ ਵਿਚ ਚਰਬੀ ਜੰਮ ਜਾਂਦੀ ਹੈ ਜਿਵੇਂ ਪਿਸ਼ਾਬ ਘਰਾਂ ਦੇ ਪਿਸ਼ਾਬ ਖਾਨਿਆਂ ਵਿਚ ਚਿੱਟੀ ਚਿੱਟੀ ਪੇਪੜੀ ਜਿਹੀ ਜੰਮੀ ਹੁੰਦੀ ਹੈ ਤੇ ਪਾਈਪ ਬੰਦ ਹੋ ਜਾਂਦੇ ਹਨ ਇਸ ਹਾਲਤ ਵਿਚ ਜਾਂ ਪਾਈਪ ਫਟ ਜਾਂਦੇ ਹਨ ਜਾਂ ਪਿਸ਼ਾਬ ਦਾ ਭਾਂਡਾ ਓਵਰ ਫਲੋ ਹੋਣ ਲਗਦਾ ਹੈ। ਕੁਝ ਕਹਿੰਦੇ ਹਨ ਕਿ ਜ਼ਿਆਦਾ ਕਸਰਤ ਵੀ ਬਿਮਾਰੀ ਦਾ ਕਾਰਨ ਹੈ। ਬਹੁਤੇ ਦੱਸਦੇ ਹਨ ਕਿ ਬਿਨਾਂ ਮਤਲਬ ਤੋਂ ਅੰਨ੍ਹੇਵਾਹ ਦਵਾਈਆਂ ਦੀ ਵਰਤੋਂ ਵੀ ਸਰੀਰ ਦੇ ਅੰਗਾਂ ਦਾ ਨੁਕਸਾਨ ਕਰਦੀ ਹੈ। ਦੇਖੋ ਜੀ ਮੈˆ ਤਾਂ ਇਕੋ ਗੱਲ ਜਾਣਦਾ ਹਾਂ ਕਿ ਕਾਰਨ ਕੁਝ ਵੀ ਹੋਵੇ ਬਸ ਬੰਦਾ ਚਲਿਆ ਜਾਂਦਾ ਹੈ...।
ਬੰਦੇ ਦੇ ਹੱਥ ਸਭ ਕੁਝ ਹੈ ਰੱਬ ਵੀ ਇਹੋ ਕਹਿੰਦਾ ਹੈ ਕਿ ਆਪਣੀ ਦੇਖਭਾਲ ਆਪ ਕਰੋ ਦੂਜਾ ਤਾਂ ਤਮਾਸ਼ਬੀਨ ਹੁੰਦਾ ਹੈ। ਇਹ ਗੱਲ ਹੈ ਤਾਂ ਆਪਾਂ ਸਾਰੇ ਰਲ ਕੁਝ ਸੋਚੀਏ ਤੇ ਕਰੀਏ।
ਸਭ ਤੋਂ ਪਹਿਲਾਂ ਇਹ ਵਿਚਾਰਨ ਦੀ ਲੋੜ ਹੈ ਕਿ ਦਿਲ ਨਾਲ ਜੁੜਦੀਆਂ ਬਿਮਾਰੀਆਂ ਦਾ ਤੁਹਾਡੇ ਲਈ ਕਿੰਨਾ ਕੁ ਜ਼ੋਖਮ ਹੈ। ਦੇਖੋ ਬਈ ਡਾਰਵਨ ਕਹਿੰਦਾ ਸੀ ਕਿ ਜੋ ਮਰਜ਼ ਘਰ ਪਰਿਵਾਰ ਵਿਚ ਚਲ ਰਹੀ ਹੁੰਦੀ ਹੈ ਉਹ ਅੱਗੇ ਵੀ ਚਲਦੀ ਰਹਿੰਦੀ ਹੈ। ਇਸ ’ਤੇ ਵਿਸ਼ਵਾਸ ਕਰੋ ਕਿ ਜੇਕਰ ਪਰਿਵਾਰ ਵਿਚ ਮਾਂ-ਪਿਉ ਨੂੰ ਦਿਲ ਦੀ ਬਿਮਾਰੀ ਸੀ ਤਾਂ ਤੁਹਾਨੂੰ ਇਸ ਦਾ ਖਤਰਾ ਹੈ-ਸੰਭਲਣ ਦੀ ਲੋੜ ਹੈ ਅੱਗੋਂ ਲਈ। ਜਿਨ੍ਹਾਂ ਨੂੰ ਸ਼ੱਕਰ ਰੋਗ ਹੈ ਜਾਂ ਹਾਈ ਬਲੱਡ ਪ੍ਰੈਸ਼ਰ ਦਾ ਰੋਗ ਹੈ ਤਾਂ ਵੀ ਬਹੁਤ ਖਤਰਾ ਹੈ ਉਸ ਨੂੰ ਜਿਸ ਨੂੰ ਇਹ ਸਭ ਰੋਗ ਹਨ। ਕਿਉਂਕਿ ਇਨ੍ਹਾਂ ਬੰਦਿਆਂ ਵਿਚ ਟ੍ਰਾਈਗਲਿਰਾਈਡ ਵੱਧ ਹੁੰਦਾ ਹੈ। ਮੈˆ ਤਾਂ ਕਹਾਂਗਾ ਕਿ ਆਪਣਾ ਧਿਆਨ ਰੱਖੋ, ਸੁਚੇਤ ਹੋ ਜਾਵੋ ਜੇ ਅਜਿਹਾ ਕੁਝ ਹੈ।
ਤਣਾਅ ਰਹਿਤ ਜੀਵਨ ਜੀਣ ਦੀ ਆਦਤ ਪਾਉ, ਤਣਾਅ ਬਹੁਤ ਘਾਤਕ ਰੋਗ ਹੈ ਜਿਹੜਾ ਲਗਦਾ ਨਹੀਂ ਲਗਾਇਆ ਜਾਂਦਾ ਹੈ ਆਪਣੇ-ਆਪ ਨੂੰ। ਇਹ ਰੋਗ ਸਮੁੱਚੇ ਸਰੀਰ ਨੂੰ ਹੀ ਗ੍ਰਿਫਤ ਵਿਚ ਲੈ ਲੈˆਦਾ ਹੈ। ਧਿਆਨ ਦੀ ਲੋੜ ਹੈ ਨਾ ਸ਼ਰਾਬ, ਨਾ ਸਿਗਰਟ ਦੀ ਵਰਤੋਂ ਤਣਾਅ ਨੂੰ ਕਿਸੇ ਵੀ ਰੂਪ ਵਿਚ ਘਟਾਉਂਦੇ ਨਹੀਂ ਸਗੋਂ ਵਾਧਾ ਕਰਦੇ ਹਨ। ਕੰਗਾਲ ਵੀ ਕਰਦੇ ਹਨ ਪਰਿਵਾਰ ਨੂੰ ਕੋਈ ਲਾਭ ਨਹੀਂ ਇਨ੍ਹਾਂ ਦਾ। ਧਿਆਨ ਦੇਣਾ ਜੀ, ਜਿਸ ਨੂੰ ਤੁਸੀਂ ਗੈਸ, ਹਾਰਟਬਰਨ ਜਾਂ ਬਦਹਜ਼ਮੀ ਕਹਿੰਦੇ ਹੋ, ਜੇ ਵਾਰ-ਵਾਰ ਹੁੰਦੀ ਹੈ ਤਾਂ ਇਕ ਵਾਰ ਈ. ਸੀ. ਜੀ. ਕਰਵਾ ਵੇਖਣੀ ਚਾਹੀਦੀ ਹੈ ਕਿਤੇ ਕੋਈ ਪੰਗਾ ਤਾਂ ਨਹੀਂ ਪੈ ਗਿਆ ਹੋਵੇ ਹਾਰਟ ਦਾ। ਐਵੇਂ ਭੁਲੇਖੇ ਵਿਚ ਨਾ ਰਹਿਣਾ, ਇਹ ਗੜਬੜ ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਛਾਤੀ ਦੇ ਮੱਧ ਵਿਚ ਜਕੜਨ ਅਤੇ ਉਸ ਦਾ ਗਰਦਨ ਮੋਡਿਆਂ ਤੇ ਬਾਂਹ ਵਿਚ ਜਾਣਾ, ਸਾਹ ਦਾ ਤੇਜ਼ ਤੇ ਛੋਟਾ ਹੋਣਾ, ਦਿਲ ਦੀ ਫੜਫੜਾਹਟ, ਰੋਟੀ ਖਾਂਦੇ ਖਾਂਦੇ ਪਸੀਨਾ ਆਉਣਾ, ਤੁਰਦਿਆਂ, ਪੌੜੀ ਚੜ੍ਹਦਿਆਂ ਸਾਹ ਦਾ ਚੜ੍ਹਨਾ, ਐਵੇਂ ਤ੍ਰੇਲੀਆਂ ਆਉਣੀਆਂ, ਗਲੇ ਵਿਚ ਖੁਸ਼ਕ ਖਾਰਸ਼, ਚੱਕਰ ਆਉਣੇ, ਖਤਰਨਾਕ ਅਲਾਮਤਾਂ ਹਨ, ਡਾਕਟਰ ਨੂੰ ਜ਼ਰੂਰ ਮਿਲੋ।
ਇਸ ਲੇਖ ਵਿਚ ਇਕ ਗੱਲ ਵਾਰ-ਵਾਰ ਉੱਭਰੀ ਹੈ ਉਹ ਕਿ ਆਪਣੇ ਸਰੀਰ ਵਿਚ ਹੋ ਰਹੀ ਬਰੀਕ ਤੋਂ ਬਰੀਕ ਤਬਦੀਲੀ ਦਾ ਧਿਆਨ ਰੱਖਿਆ ਜਾਵੇ, ਚੰਗਾ ਤੇ ਵਧੀਆ ਭੋਜਨ ਕਰਨਾ ਬਣਦਾ ਹੈ। ਭੋਜਨ ਨੂੰ ਪਚਾਉਣ ਲਈ ਕਸਰਤ ਜ਼ਰੂਰੀ ਹੈ ਭਾਵੇਂ ਥੋੜ੍ਹੀ ਹੀ ਕੀਤੀ ਜਾਵੇ, ਘੱਟ ਤੋਂ ਘੱਟ ਦਵਾਈਆਂ ਦੀ ਵਰਤੋਂ ਕਰੋ, ਤੰਬਾਕੂ ਨਾ ਵਰਤੋ, ਸ਼ਰਾਬ ਨਾ ਪੀਉ ਅਤੇ ਤਣਾਅ ਮੁਕਤ ਜੀਵਨ ਰੱਖੋ। ਸਿਮਰਨ, ਯੋਗ ਕਰੋ। ਰੱਬ ਦਾ ਧੰਨਵਾਦ ਕਰਨਾ ਨਾ ਭੁੱਲਣਾ ਕਿਉਂਕਿ ਉਸ ਨੇ ਤੁਹਾਨੂੰ ਸਾਜਿਆ ਨਿਵਾਜਿਆ ਹੈ। ਪ੍ਰਮਾਤਮਾ ਦੀ ਦਿੱਤੀ ਦਾਤ ਨੂੰ ਆਪਣੇ ਪੰਗੇ ਸਹੇੜ ਬਰਬਾਦ ਨਾ ਕਰੋ। ਮਨੁੱਖ ਨੂੰ ਇੰਝ ਕਰਨ ਦਾ ਕੋਈ ਹੱਕ ਨਹੀਂ, ਫਿਰ ਵੇਖਣਾ ਤੁਹਾਡਾ ਦਿਲ ਅਤੇ ਹਾਰਟ ਕਿੰਨਾ ਵਧੀਆ ਸਾਥ ਦੇਵੇਗਾ ਤੁਹਾਡਾ। ਇਨ੍ਹਾਂ ਦਾ ਜਨਮ ਜਨਮ ਦਾ ਸਾਥ ਹੈ ਕਦੇ ਮੰਝਧਾਰ ਵਿਚ ਨਹੀਂ ਛੱਡਣਗੇ ਤੁਹਾਨੂੰ। ਅਲਾਹੀ ਨੂਰ ਸਭ ਦਾ ਭਲਾ ਕਰੇਗਾ, ਮੇਰਾ ਹੀ ਨਹੀਂ ਤੁਹਾਡਾ ਵੀ ਇਹੋ ਵਿਚਾਰ ਹੈ ਬਸ ਵਿਸ਼ਵਾਸ ਕਰੋ। ਵੇਖਿਓ ਕਿਤੇ ਕਹਿ ਨਾ ਦੇਣਾ ਕਿ ਦਿਲ ਹੈ ਕਿ ਮਾਨਤਾ ਹੀ ਨਹੀਂ....।
PassPort Login