Today: July 31, 2010
News




ਧਰਮ ਅਸਥਾਨਾਂ ਵਿੱਚ ਵਾਪਰਦੇ ਦੁਖਾਂਤ

Published March 12, 2010

ਪੰਜ ਦਰਜਨਾਂ ਤੋਂ ਵੱਧ ਇਨਸਾਨ ਫੇਰ ਅਣਆਈ ਮੌਤ ਮਾਰੇ ਗਏ। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਸੰਤ ਕ੍ਰਿਪਾਲੂ ਮਹਾਰਾਜ ਦੇ ਆਸ਼ਰਮ ਵਿੱਚ ਇਹ ਦੁਖਾਂਤ ਵਾਪਰਿਆ। ਮੌਕਾ ਸੰਤ ਕ੍ਰਿਪਾਲੂ ਮਹਾਰਾਜ ਦੀ ਪਤਨੀ ਦੇ ਸ਼ਰਾਧ ਦਾ ਸੀ। ਆਈ ਹੋਈ ਭੀੜ ਉੱਤੇ ਆਸ਼ਰਮ ਦਾ ਗੇਟ ਡਿੱਗ ਪਿਆ। ਇਕਦਮ ਮੱਚੀ ਭਗਦੜ ਵਿੱਚ ਬਹੁਤੀਆਂ ਔਰਤਾਂ ਮਾਰੀਆਂ ਜਾਂ ਫਿਰ ਬੱਚੇ। ਹਰ ਥਾਂ ਇਹੋ ਜਿਹੇ ਮੌਕੇ ਏਦਾਂ ਹੀ ਹੁੰਦਾ ਹੈ। ਮੌਤ ਦਾ ਝਪੱਟਾ ਬੱਚਿਆਂ ਤੇ ਔਰਤਾਂ ਉੱਤੇ ਪਹਿਲਾਂ ਪੈˆਦਾ ਹੈ। ਬੱਚਿਆਂ ਨੂੰ ਬਚਾਉਣ ਲਈ ਔਰਤਾਂ ਆਪਣਾ ਆਪ ਵਾਰ ਜਾਂਦੀਆਂ ਹਨ, ਤੇ ਇਹ ਕੁਝ ਇਸ ਵਾਰੀ ਵੀ ਵਾਪਰ ਗਿਆ ਹੈ।
ਧਾਰਮਿਕ ਅਸਥਾਨ ਵਿੱਚ ਏਨਾ ਵੱਡਾ ਦੁਖਾਂਤ ਵਾਪਰ ਗਿਆ, ਲੋਕ ਦੁਖੀ ਹਨ। ਆਸ਼ਰਮ ਦੇ ਪ੍ਰਬੰਧਕ ਦੁਖੀ ਨਹੀਂ। ਉਨ੍ਹਾਂ ਵਿੱਚੋਂ ਇੱਕ ਨੂੰ ਇਸ ਦੁਖਾਂਤ ਦੇ ਜ਼ਿੰਮੇਵਾਰ ਬਾਰੇ ਪੱਤਰਕਾਰਾਂ ਨੇ ਪੁੱਛਿਆ ਤਾਂ ਸੋਗੀ ਮਹੌਲ ਵਿੱਚ ਵੀ ਉਸ ਨੇ ਹੱਸ ਕੇ ਕਿਹਾ, ”ਜ਼ਿੰਮੇਵਾਰ ਤਾਂ ਖੁਦ ਭਗਵਾਨ ਹੈ। ਜੰਮਣ-ਮਰਨ ਓਸੇ ਦੇ ਹੱਥ ਹੈ।” ਜ਼ਿੰਮੇਵਾਰੀ ਤਿਲਕਾਉਣ ਦਾ ਇਹ ਬਹੁਤ ਸਾਦਾ ਤਰੀਕਾ ਹੈ, ਪਰ ਕਨੂੰਨੀ ਪੱਖ ਤੋਂ ਵੇਖਿਆ ਜਾਵੇ ਤਾਂ ਜਵਾਬ ਮੂਲੋਂ ਹੀ ਗੈਰ-ਜ਼ਿੰਮੇਵਾਰਾਨਾ ਹੈ। ਕਈ ਕਾਰਨ ਹਨ, ਜਿਨ੍ਹਾਂ ਕਰਕੇ ਆਸ਼ਰਮ ਦੇ ਪ੍ਰਬੰਧਕਾਂ ਨੂੰ ਕਨੂੰਨ ਦੇ ਕਟਹਿਰੇ ਵਿੱਚ ਖੜੇ ਕੀਤੇ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਸਰਕਾਰ ਕਹਿੰਦੀ ਹੈ ਕਿ ਜਾਂਚ ਕਰਾਈ ਜਾਵੇਗੀ। ਹੁਣ ਤੱਕ ਤਾਂ ਕਦੇ ਕਿਸੇ ਜਾਂਚ ਨੇ ਕਿਸੇ ਥਾਂ ਇਹੋ ਜਿਹੇ ਦੁਖਾਂਤ ਦੇ ਦੋਸ਼ੀ ਦੇ ਗਲ ਰੱਸਾ ਪਾਇਆ ਨਹੀਂ, ਹੁਣ ਵੀ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ।
ਕ੍ਰਿਪਾਲੂ ਮਹਾਰਾਜ ਦੇ ਆਸ਼ਰਮ ਵਿੱਚ ਇਹੋ ਜਿਹੇ ਸਮਾਗਮ ਅੱਗੇ ਵੀ ਹੁੰਦੇ ਸਨ। ਪਹਿਲਾਂ ਏਨੀ ਭੀੜ ਨਹੀਂ ਸੀ ਹੁੰਦੀ, ਇਸ ਵਾਰੀ ਹੋ ਗਈ। ਭੀੜ ਹੋਣ ਦਾ ਕਾਰਨ ਸੰਤ ਵੱਲੋਂ ਇਹ ਹੋਕਾ ਦੇਣਾ ਸੀ ਕਿ ਇਸ ਵਾਰੀ ਦਾਨ ਵਜੋਂ ਬਰਤਨ ਵੰਡੇ ਜਾਣਗੇ। ਤੁੱਛ ਜਿਹੇ ਦਾਨ ਦੀ ਝਾਕ ਵਿੱਚ ਵੀ ਗਰੀਬ ਲੋਕ ਢਾਣੀਆਂ ਬੰਨ੍ਹ-ਬੰਨ੍ਹ ਆਣ ਪਹੁੰਚੇ। ਅੱਗੇ ਪ੍ਰਬੰਧ ਏਨੀ ਭੀੜ ਨੂੰ ਸੰਭਾਲਣ ਜੋਗੇ ਹੀ ਨਹੀਂ ਸਨ। ਵਾਰੀ-ਵਾਰੀ ਖਾਣਾ ਖਾਣ ਸਮੇਂ ਕੁਝ ਕਾਹਲੇ ਲੋਕ ਅੰਦਰ ਆਉਣਾ ਚਾਹੁੰਦੇ ਸਨ, ਧੱਕੇ ਨਾਲ ਦੋ ਦਿਨ ਪਹਿਲਾਂ ਬਣਾਇਆ ਗੇਟ ਭੀੜ ਉੱਤੇ ਆਣ ਡਿੱਗਾ। ਸਿਰਫ਼ ਦੋ ਦਿਨ ਪਹਿਲਾਂ ਬਣਾਇਆ ਗੇਟ ਏਨੀ ਛੇਤੀ ਸੁੱਕ ਨਹੀਂ ਸੀ ਸਕਦਾ, ਲੋਕਾਂ ਦੀ ਸੁਰੱਖਿਆ ਦੇ ਮੱਦੇ-ਨਜ਼ਰ ਉਸ ਨੇ ਆਸਰਾ ਦੇ ਕੇ ਕਾਇਮ ਰੱਖਣ ਦਾ ਪ੍ਰਬੰਧ ਕਰਨਾ ਚਾਹੀਦਾ ਸੀ, ਪਰ ਨਹੀਂ ਸੀ ਕੀਤਾ ਗਿਆ। ਹੁਣ ਕਹਿ ਰਹੇ ਹਨ ਕਿ ਇਹਨਾਂ ਮੌਤਾਂ ਲਈ ਖੁਦ ਭਗਵਾਨ ਜ਼ਿੰਮੇਵਾਰ ਹੈ।
ਇਹ ਕੋਈ ਪਹਿਲਾ ਦੁਖਾਂਤ ਤਾਂ ਨਹੀਂ, ਜਿਹੜਾ ਕਿਸੇ ਧਰਮ ਅਸਥਾਨ ਅੰਦਰ ਵਾਪਰਿਆ ਹੈ। ਅਗਸਤ 2008 ਵਿੱਚ ਨੈਣਾਂ ਦੇਵੀ ਮੰਦਰ ਦੀਆਂ ਪੌੜੀਆਂ ’ਤੇ ਭਗਦੜ ਮੱਚ ਕੇ ਇੱਕ ਸੌ ਸੱਠ ਲੋਕ ਮਾਰੇ ਗਏ ਸਨ। ਉਸ ਤੋਂ ਇੱਕ ਮਹੀਨਾ ਬਾਅਦ ਸਤੰਬਰ 2008 ਵਿੱਚ ਰਾਜਸਥਾਨ ਦੇ ਚਮੁੰਡਾ ਦੇਵੀ ਮੰਦਰ ਵਿੱਚ ਭਗਦੜ ਮੱਚੀ ਤੇ ਇੱਕ ਸੌ ਸੱਤਰ ਲੋਕ ਮਾਰੇ ਗਏ ਸਨ। ਮਹਾਂਰਾਸ਼ਟਰ ਦੇ ਮੰਦਹਾਰ ਦੇਵੀ ਮੰਦਰ ਵਿੱਚ ਜਨਵਰੀ 2005 ਵਿੱਚ ਭਾਜੜ ਪਈ ਤਾਂ ਤਿੰਨ ਸੌ ਲੋਕ ਮਾਰੇ ਗਏ ਸਨ। ਨਾਸਿਕ ਨੇੜੇ ਕੁੰਭ ਦੇ ਇਸ਼ਨਾਨ ਕਰਦਿਆਂ ਅਗਸਤ 2003 ਵਿੱਚ ਚਾਲੀ ਦੇ ਕਰੀਬ ਮੌਤਾਂ ਭਾਜੜ ਪੈਣ ਕਾਰਨ ਹੋ ਗਈਆਂ ਸਨ।
ਏਦਾਂ ਦੇ ਹਾਦਸੇ ਮੁੜ-ਮੁੜ ਵਾਪਰਦੇ ਹਨ, ਪਰ ਇਹਨਾਂ ਤੋਂ ਸਬਕ ਨਹੀਂ ਸਿੱਖੇ ਜਾਂਦੇ। ਕਾਰਨ ਇਸ ਦਾ ਇਹ ਕਿ ਮਰਨ ਵਾਲੇ ਗਰੀਬ ਲੋਕ ਹੁੰਦੇ ਹਨ। ਇਹਨਾਂ ਹੀ ਥਾਵਾਂ ’ਤੇ ਅਮੀਰਾਂ ਤੇ ਆਗੂਆਂ ਵਾਸਤੇ ਵੱਖਰੇ ਲਾਂਘੇ ਬਣਾਏ ਹੋਣ ਕਰਕੇ ਉਨ੍ਹਾਂ ਦਾ ਕਦੇ ਕੋਈ ਨੁਕਸਾਨ ਨਹੀਂ ਹੁੰਦਾ। ਗਰੀਬਾਂ ਦਾ ਮਰਨਾ ਨਾ ਮਰਨਾ ਸਮਾਜ ਲਈ ਬਾਹਲੀ ਚਿੰਤਾ ਦਾ ਵਿਸ਼ਾ ਨਹੀਂ।
ਭਾਰਤੀ ਸਮਾਜ ਵਿੱਚੋਂ ਸੰਵੇਦਨਸ਼ੀਲਤਾ ਘਟਦੀ ਜਾ ਰਹੀ ਹੈ। ਨਾ ਇਹੋ ਜਿਹੇ ਦੁਖਾਂਤ ਦੀ ਪਰਵਾਹ ਕੋਈ ਸੰਤ ਕਰਦਾ ਹੈ, ਨਾ ਸੰਗਤ ਕਰਦੀ ਹੈ। ਦੁਖਾਂਤ ਵਾਪਰਨ ਮਗਰੋਂ ਵੀ ਜਦੋਂ ਓਥੇ ਕੋਈ ਬਚਾਓ ਦੇ ਪ੍ਰਬੰਧ ਨਹੀਂ ਕੀਤੇ ਜਾਂਦੇ, ਉਸ ਥਾਂ ਜਾਣ ਤੋਂ ਨਾ ਲੋਕ ਹਟਦੇ ਹਨ, ਨਾ ਪੁਲਿਸ ਅਤੇ ਪ੍ਰਸ਼ਾਸਨ ਕਦੇ ਕੋਈ ਪਾਬੰਦੀ ਲਾਉਂਦੇ ਹਨ। ਇਸ ਦੀ ਬਜਾਏ ਅਗਲੇ ਦੁਖਾਂਤ ਦੇ ਵਾਪਰਨ ਦੀ ਉਡੀਕ ਕੀਤੀ ਜਾਂਦੀ ਹੈ ਤੇ ਜਦੋਂ ਉਹ ਦੁਖਾਂਤ ਵੀ ਵਾਪਰ ਜਾਂਦਾ ਹੈ, ਫਿਰ ਇੱਕ ਜਾਂਚ ਕਮੇਟੀ ਬਿਠਾ ਕੇ ਲੋਕਾਂ ਦੇ ਅੱਥਰੂ ਪੂੰਝ ਦਿੱਤੇ ਜਾਂਦੇ ਹਨ। ਜਦੋਂ ਤੱਕ ਸੰਵੇਦਨਸ਼ੀਲਤਾ ਦੀ ਇਹ ਘਾਟ ਰਹੇਗੀ, ਹਾਦਸੇ ਵਾਪਰਦੇ ਰਹਿਣਗੇ, ਅਫਸੋਸ ਹੁੰਦੇ ਰਹਿਣਗੇ, ਪਰ ਇਹ ਅਫਸੋਸ ਓਨਾ ਦੁਖਾਂਤ ਉੱਤੇ ਨਹੀਂ ਮੰਨੇ ਜਾਣੇ ਚਾਹੀਦੇ, ਜਿੰਨਾ ਸਮਾਜ ਦੀ ਉਸ ਮਾਨਸਿਕਤਾ ਬਾਰੇ ਸਮਝਣੇ ਚਾਹੀਦੇ ਹਨ, ਜਿਸ ਵਿੱਚ ਏਨੇ-ਏਨੇ ਲੋਕ ਮਰਨ ਨੂੰ ਵੀ ਇੱਕ ਖ਼ਬਰ ਸਮਝ ਕੇ ਪੜ੍ਹਿਆ ਤੇ ਫਿਰ ਛੱਡ ਦਿੱਤਾ ਜਾਂਦਾ ਹੈ।


Added 2010-03-10 17:29:01

Modified 2010-03-10 17:29:01




<    Displaying 1-1 of 1 Articles    >    Page:


PassPort Login




©2010 The Punjabi Patrika. All Rights Reserved.


Last Modified: 2010-04-30 10:08:30
022mxo(801mns.008)
ver : 1.0.0