| Similar Articles | Articles by this Reporter | |
| Contact Reporter | Tell-a-friend |
ਇੱਕ ਟਰੱਕ ਦੇ ਪਿੱਛੇ ਬੜੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ, ’ਤੇਰੇ ਬੱਚੇ ਜੀਣ, ਸ਼ਰਾਬ ਪੀਣ।’ ਇਕ ਹੋਰ ਟਰੱਕ ਦੇਖਿਆ ਤਾਂ ਉਸ ਦੇ ਪਿੱਛੇ ਲਿਖਿਆ ਹੋਇਆ ਸੀ, ’ਤੇਰੇ ਬੱਚੇ ਜੀਣ, ਸ਼ਰਾਬ ਪੀਣ, ਤੇਰਾ ਖੂਨ ਪੀਣ।’ ਇਹ ਹੈ ਪੰਜਾਬੀਆਂ ਦਾ ਹਾਸਾ-ਠੱਠਾ! ਅਸੀਂ ਆਪਣੇ-ਆਪ ਨੂੰ ਵੀ ਮੁਆਫ ਨਹੀਂ ਕਰਦੇ। ਸਾਡੇ ਵਿਚ ਸ਼ਰਾਬ ਤੇ ਨਸ਼ੇ ਖਾਣ-ਪੀਣ ਦੀ ਸ਼ਕਤੀ ਵੀ ਬਹੁਤ ਹੈ। ਕਿਸੇ ਵਧੀਆ ਤੋਂ ਵਧੀਆ ਸ਼ਰਾਬ ਦਾ ਨਾਂਅ ਲਓ ਜਿਵੇਂ ਬਲਿਊ ਲੇਬਲ, ਜਾਂ ਭਾਰਤ ਵਿਚ ਬਣੀ ਹੋਈ ਕੋਈ ਵਿਦੇਸ਼ੀ ਸ਼ਰਾਬ, ਵਿਸਕੀ ਹੋਵੇ ਜਾਂ ਘਰ ਦੀ ਕੱਢੀ ਹੋਈ ਰੂੜੀ ਮਾਰਕਾ, ਪੰਜਾਬੀਆਂ ਨੂੰ ਸਭੇ ਮਾਫ਼ਕ ਹਨ। ਸ਼ਰਾਬ ਕੱਢਣ ਦੇ ਕਈ ਪੁਰਾਣੇ ਮਾਹਿਰ ਤਾਂ ਇਹ ਕਹਿੰਦੇ ਹਨ ਕਿ ਘਰ ਦੀ ਕੱਢੀ ਹੋਈ ਸ਼ਰਾਬ ਸਭ ਤੋਂ ਵਧੀਆ ਹੁੰਦੀ ਹੈ ਅਤੇ ਤੁਸੀਂ ਇਸ ਦੇਸੀ ਦਾਰੂ ਦਾ ਸੁਆਦ ਵੱਡੇ-ਵੱਡੇ ਲੀਡਰਾਂ ਦੀਆਂ ਕੋਠੀਆਂ ਵਿਚ ਜਾ ਕੇ ਵੀ ਚੱਖ ਸਕਦੇ ਹੋ। ਦੇਸੀ ਦਾਰੂ ਕੱਢਣ ਲਈ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਤੇ ਮਸਾਲੇ ਪਾਏ ਜਾਂਦੇ ਹਨ। ਦਾਰੂ ਦੇ ਸ਼ੌਕੀਨ ਗੁੜ ਦੇ ਨਾਲ-ਨਾਲ ਘੜੇ ਵਿਚ ਸੰਗਤਰੇ, ਬਦਾਮ ਤੇ ਕਈ ਹੋਰ ਮਹਿੰਗੇ-ਮਹਿੰਗੇ ਸੁੱਕੇ ਮੇਵੇ ਤੇ ਤਾਜ਼ੇ ਫਲ-ਫਰੂਟ ਵੀ ਪਾ ਦਿੰਦੇ ਹਨ।
ਦਾਰੂ ਦੇ ਸ਼ੌਕੀਨ ਭਾਵੇਂ ਆਪਣੀ ਸਰੀਰਕ ਤੇ ਸਮਾਜਿਕ ਸਿਹਤ ਦੀ ਕੁਰਬਾਨੀ ਦਿੰਦੇ ਹਨ ਪਰ ਉਹ ਪੰਜਾਬ ਦੇ ਵਿਕਾਸ ਵਿਚ ਵੀ ਆਪਣਾ ਹਿੱਸਾ ਇੰਝ ਪਾਉਂਦੇ ਹਨ ਜਿਵੇਂ ਕਿਸੇ ਹੋਰ ਸੂਬੇ ਦੇ ਲੋਕ ਨਹੀਂ ਪਾਉਂਦੇ। ਉਹ ਸੜਕਾਂ, ਸਕੂਲ ਤੇ ਹਸਪਤਾਲ ਬਣਾਉਣ ਲਈ ਫੰਡ ਦਿੰਦੇ ਹਨ ਅਤੇ ਸਰਕਾਰੀ ਅਫਸਰਾਂ ਤੇ ਵਜ਼ੀਰਾਂ ਦੀ ਮੁੱਠੀ ਵੀ ਗਰਮ ਕਰਦੇ ਹਨ। ਪਿਛਲੇ ਸਾਲ ਪੰਜਾਬ ਵਿਚ ਸ਼ਰਾਬ ਦੇ ਠੇਕੇਦਾਰਾਂ ਨੇ 29 ਕਰੋੜ ਤੋਂ ਵੱਧ ਬੋਤਲਾਂ ਵੇਚੀਆਂ। ਹਰਿਆਣੇ ਦੇ ਪਿਆਕੜ 17 ਕਰੋੜ ਬੋਤਲਾਂ ਪੀ ਗਏ। ਵਿਸ਼ਵ ਮੰਦਵਾੜੇ ਦੇ ਇਸ ਦੌਰ ਵਿਚ ਪੰਜਾਬ ਨੇ ਸ਼ਰਾਬ ਦੀ ਖਪਤ ਦੇ ਪਹਿਲੇ ਸਾਰੇ ਰਿਕਾਰਡ ਤੋੜ ਦਿੱਤੇ। 2009-10 ਦੇ ਸਾਲ ਵਿਚ ਪੰਜਾਬ ਦੇ ਸ਼ੌਕੀਨਾਂ ਨੇ ਪੰਜਾਬ ਅਤੇ ਭਾਰਤ ਵਿਚ ਬਣੀ ਹੋਈ ਸ਼ਰਾਬ ਅਤੇ ਬੀਅਰ ਦੀਆਂ 29 ਕਰੋੜ ਬੋਤਲਾਂ ਖਾਲੀ ਕੀਤੀਆਂ। ਸ਼ਾਇਦ ਇਸ ਦਾ ਕਾਰਨ ਕਣਕ ਤੇ ਝੋਨੇ ਦੇ ਵਧੇ ਹੋਏ ਭਾਅ ਸਨ। ਹਰ ਪੰਜਾਬੀ ਨੂੰ ਪਤਾ ਹੈ ਕਿ ਵਿਆਹ ਹੋਵੇ ਜਾਂ ਜਨਮ ਦਿਨ, ਪੰਜਾਬ ਵਿਚ ਕੋਈ ਸਮਾਗਮ ਵੀ ਸ਼ਰਾਬ ਤੋਂ ਸੁੱਕਾ ਨਹੀਂ ਲੰਘ ਸਕਦਾ।
ਪਿਛਲੇ ਸਾਲ ਪੰਜਾਬੀਆਂ ਨੇ 19 ਕਰੋੜ ਬੋਤਲਾਂ ਪੀਤੀਆਂ ਸਨ। ਇਸ ਸਾਲ ਵਿਚ 10 ਕਰੋੜ ਬੋਤਲਾਂ ਦੀ ਵਾਧੂ ਖਪਤ ਇਹ ਦੱਸਦੀ ਹੈ ਕਿ ਪੈਸੇ ਦੀ ਕਮੀ ਦੇ ਮਾਰੇ ਪੰਜਾਬ ਨੂੰ ਪਿਆਕੜਾਂ ਨੇ ਤਕੜੀ ਆਮਦਨ ਦਾ ਹੁਲਾਰਾ ਦਿੱਤਾ ਹੈ। ਪ੍ਰੇਸ਼ਾਨ ਅਕਾਲੀ-ਭਾਜਪਾ ਸਰਕਾਰ ਨੂੰ ਸ਼ਰਾਬੀਆਂ ਨੇ ਖੁਸ਼ ਕਰ ਦਿੱਤਾ ਹੈ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਧੰਨਵਾਦੀ ਹੈ। ਭਾਵੇਂ ਸਰਕਾਰ ਬੋਲ ਕੇ ਇਹ ਗੱਲ ਨਹੀਂ ਕਹੇਗੀ। ਪੰਜਾਬ ਦੀ ਆਬਾਦੀ ਢਾਈ ਕਰੋੜ ਹੈ। ਸ਼ਰਾਬ ਦੀ ਖਪਤ ਦਾ ਹਿਸਾਬ ਲਾਈਏ ਤਾਂ ਪਤਾ ਲਗਦਾ ਹੈ ਕਿ ਪੰਜਾਬ ਦੀ ਪ੍ਰਤੀ ਵਿਅਕਤੀ ਸਾਲਾਨਾ ਖਪਤ 10 ਬੋਤਲਾਂ ਸਾਰੇ ਦੇਸ਼ ਵਿਚ ਸਭ ਤੋਂ ਵੱਧ ਹੈ। (ਇਕ ਬੋਤਲ ਵਿਚ 750 ਮਿਲੀ ਲਿਟਰ ਸ਼ਰਾਬ ਹੁੰਦੀ ਹੈ) ਇਹ ਖਪਤ ਠੇਕਿਆਂ ਰਾਹੀਂ ਵਿਕਦੀ ਸ਼ਰਾਬ ਦੀ ਹੈ। ਠੇਕਿਆਂ ਤੋਂ ਬਿਨਾਂ ਹੋਰ ਸਾਧਨਾਂ ਰਾਹੀਂ ਵਿਕਦੀ ਸ਼ਰਾਬ ਇਸ ਤੋਂ ਵੱਖਰੀ ਹੈ। ਦੇਸ਼ ਵਿਚ ਬਹੁਤ ਸਾਰੀ ਸਕਾਚ ਤੇ ਵਾਈਨ ਵਿਦੇਸ਼ੀ ਯਾਤਰੀ ਲਿਆਉਂਦੇ ਹਨ। ਹਰ ਪੰਜਾਬੀ ਦੇ ਵਿਦੇਸ਼ ਵਿਚ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਹਨ। ਫੌਜੀ ਕਨਟੀਨਾਂ ਵੀ ਫੌਜੀਆਂ ਤੇ ਉਨ੍ਹਾਂ ਦੇ ਦੋਸਤਾਂ ਨੂੰ ਸ਼ਰਾਬ ਵੇਚਦੀਆਂ ਹਨ। ਗੁਆਂਢੀ ਸੂਬਿਆਂ ਤੋਂ ਵੀ ਚੋਰੀ-ਛੁਪੇ ਸ਼ਰਾਬ ਆਉਂਦੀ ਹੈ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਵੀ ਚਲਦਾ ਹੈ। ਆਬਕਾਰੀ ਵਿਭਾਗ ਦੇ ਸੀਨੀਅਰ ਅਫਸਰਾਂ ਦੇ ਅੰਦਾਜ਼ੇ ਅਨੁਸਾਰ ਇਸ ਸ਼ਰਾਬ ਦੀ ਖਪਤ ਕਾਨੂੰਨੀ ਤੌਰ ’ਤੇ ਵਿਕਦੀ ਸ਼ਰਾਬ ਨਾਲੋਂ ਵੱਧ ਭਾਵ 25 ਕਰੋੜ ਬੋਤਲਾਂ ਹੈ। ਇਸ ਲਈ ਪੰਜਾਬ ਵਿਚ ਸ਼ਰਾਬ ਦੀ ਸਾਲਾਨਾ ਖਪਤ 50 ਕਰੋੜ ਬੋਤਲਾਂ ਦੇ ਨੇੜੇ-ਤੇੜੇ ਹੈ।
ਇਸ ਮਾਮਲੇ ਵਿਚ ਸਭ ਤੋਂ ਜ਼ਿਆਦਾ ਖੁਸ਼ ਪੰਜਾਬ ਦੇ ਖਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਹੋਣਗੇ, ਜਿਨ੍ਹਾਂ ਦੇ ਖਜ਼ਾਨੇ ਵਿਚ ਸਾਲ 2009-10 ਵਿਚ 2150 ਕਰੋੜ ਰੁਪਏ ਦੀ ਰਿਕਾਰਡ ਆਮਦਨ ਹੋਈ ਹੈ, ਜੋ ਪਿਛਲੇ ਸਾਲ ਨਾਲੋਂ 200 ਕਰੋੜ ਰੁਪਏ ਵਾਧੂ ਹੈ। ਜੇ 10 ਫ਼ੀਸਦੀ ਹੋਰ ਇਮਾਨਦਾਰੀ ਵਰਤੀ ਜਾਂਦੀ ਤਾਂ ਸਰਕਾਰੀ ਖਜ਼ਾਨੇ ਵਿਚ 10 ਫ਼ੀਸਦੀ ਆਮਦਨ ਹੋਰ ਵਧ ਜਾਣੀ ਸੀ। ਸ਼ਰਾਬ ਦੀ ਖਪਤ ਵਧਦੀ ਨਜ਼ਰ ਆਉਂਦੀ ਹੈ। ਇਸ ਲਈ ਸੂਬੇ ਦੀ ਪ੍ਰਸਤਾਵਿਤ ਆਬਕਾਰੀ ਨੀਤੀ ਵਿਚ ਸ਼ਰਾਬ ਦੇ ਰੇਟ ਵਧਾਉਣ ਦੀ ਤਜਵੀਜ਼ ਨਹੀਂ ਹੈ। ਇਸ ਨਾਲ ਲੋਕਾਂ ਵਿਚ ਵੱਧ ਸ਼ਰਾਬ ਖਰੀਦਣ ਤੇ ਪੀਣ ਦਾ ਰੁਝਾਨ ਵਧੇਗਾ। ਪਰ ਇਸ ਵਾਧੇ ਨੂੰ ਸੂਬੇ ਦੀ ਆਰਥਿਕਤਾ ਵਿਚ ਹੁਲਾਰਾ ਨਹੀਂ ਸਮਝਣਾ ਚਾਹੀਦਾ। ਕਿਸਾਨਾਂ ਦਾ ਕਰਜ਼ਾਈ ਹੋਣਾ ਇਸ ਦਾ ਸਬੂਤ ਹੈ। ਸਨਅਤੀ ਉਤਪਾਦਨ ਘੱਟ ਹੈ। ਇਹੀ ਹਾਲ ਸੇਵਾ ਖੇਤਰ ਦਾ ਹੈ। ਸਿਰਫ ਕਿਸਾਨ ਹੀ ਆਪਣੀ ਵਿੱਤੀ ਦਸ਼ਾ ਦੇ ਬਾਵਜੂਦ ਵਰਤਮਾਨ ਸਾਲ ਵਿਚ ਸੂਬੇ ਦੀ ਆਰਥਿਕਤਾ ਦੇ ਵਿਕਾਸ ਨੂੰ 6.9 ਫ਼ੀਸਦੀ ਤੱਕ ਪਹੁੰਚਾਉਣ ਵਿਚ ਮਦਦ ਕਰ ਰਹੇ ਹਨ।
ਪੰਜਾਬ ਦੇ ਆਬਕਾਰੀ ਤੇ ਕਰ ਵਿਭਾਗ ਨੂੰ ਉਮੀਦ ਹੈ ਕਿ ਬੀਤ ਰਹੇ ਸਾਲ ਵਿਚ ਉਸ ਨੂੰ ਪੰਜਾਬ ਤੇ ਭਾਰਤ ਨਿਰਮਿਤ ਸ਼ਰਾਬ ਤੋਂ ਅਤੇ ਬੀਅਰ ਤੋਂ 200 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਇਸ ਗੱਲ ਨੂੰ ਮੁੱਖ ਰੱਖ ਕੇ ਵਿਭਾਗ ਲਾਇਸੰਸ ਫੀਸ ਅਤੇ ਠੇਕੇਦਾਰਾਂ ਦਾ ਸ਼ਰਾਬ ਦਾ ਕੋਟਾ ਵਧਾ ਰਿਹਾ ਹੈ।
ਸ਼ਰਾਬ ਦੀ ਖਪਤ ਵਿਚ ਇਸ ਬੇਮਿਸਾਲ ਵਾਧੇ ਦਾ ਕਾਰਨ ਸਰਕਾਰ ਵੱਲੋਂ ਪੰਜਾਬ ਤੇ ਭਾਰਤ ਨਿਰਮਿਤ ਸ਼ਰਾਬ ਤੇ ਬੀਅਰ ਦਾ ਕੋਟਾ ਵਧਾਉਣਾ ਹੈ। ਸ਼ਰਾਬ ਦਾ ਕੋਟਾ ਇਸ ਲਈ ਵਧਾਇਆ ਗਿਆ ਹੈ ਤਾਂ ਜੋ ਗੁਆਂਢੀ ਰਾਜਾਂ ਤੋਂ, ਖਾਸ ਤੌਰ ’ਤੇ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਤੋਂ ਚੋਰੀ-ਛੁਪੇ ਆ ਰਹੀ ਸ਼ਰਾਬ ਨੂੰ ਰੋਕਿਆ ਜਾਵੇ। ਸ਼ਰਾਬ ਦੇ ਕੋਟੇ ਵਿਚ ਵਾਧੇ ਦਾ ਮਤਲਬ ਹੈ ਸ਼ਰਾਬ ਦੀਆਂ ਕੀਮਤਾਂ ਵਿਚ ਕਟੌਤੀ, ਜਿਸ ਨਾਲ ਸ਼ਰਾਬ ਦੀ ਖਪਤ ਹੋਰ ਵਧੇਗੀ। ਆਬਕਾਰੀ ਨੀਤੀ ਦਾ ਨਵਾਂ ਖਰੜਾ 23 ਫਰਵਰੀ ਨੂੰ ਮੰਤਰੀ ਮੰਡਲ ਦੇ ਵਿਚਾਰ-ਅਧੀਨ ਆਏਗਾ। ਜਿਨ੍ਹਾਂ ਅਫਸਰਾਂ ਨੇ ਨਵੀਂ ਨੀਤੀ ਦਾ ਖਰੜਾ ਤਿਆਰ ਕੀਤਾ ਹੈ, ਉਨ੍ਹਾਂ ਨੇ ਲਾਟਰੀ ਰਾਹੀਂ ਸ਼ਰਾਬ ਦੇ ਠੇਕੇ ਦੇਣ ਦੇ ਤਰੀਕੇ ਵਿਚ ਕਿਸੇ ਤਬਦੀਲੀ ਦੀ ਸਿਫਾਰਸ਼ ਨਹੀਂ ਕੀਤੀ। ਸੂਬੇ ਵਿਚ ਸ਼ਰਾਬ ਦੇ 6000 ਠੇਕੇ ਹਨ। ਠੇਕੇਦਾਰ ਇਨ੍ਹਾਂ ਠੇਕਿਆਂ ਰਾਹੀਂ ਚੰਗੀ ਕਮਾਈ ਕਰਦੇ ਹਨ। ਠੇਕੇਦਾਰਾਂ ਵਿਚ ਕਈ ਬੜੇ ਬਾਰਸੂਖ ਵਿਅਕਤੀ ਹਨ। ਕੁਝ ਸਿਆਸਤਦਾਨ ਵੀ ਇਹ ਧੰਦਾ ਕਰਦੇ ਹਨ।
ਆਬਕਾਰੀ ਵਿਭਾਗ ਦੇ ਅੰਕੜਿਆਂ ਅਨੁਸਾਰ 2009-10 ਦੇ ਸਾਲ ਵਿਚ ਪੰਜਾਬ ਦੇ ਪਿਆਕੜ ਦੇਸੀ ਸ਼ਰਾਬ ਦੇ 1.5 ਕਰੋੜ ਬਕਸੇ, ਭਾਰਤ ਵਿਚ ਬਣੀ ਹੋਈ ਵਿਦੇਸ਼ੀ ਸ਼ਰਾਬ ਦੇ 50 ਲੱਖ ਬਕਸੇ ਅਤੇ ਬੀਅਰ ਦੇ 40 ਲੱਖ ਬਕਸੇ ਪੀ ਗਏ। ਇਕ ਬਕਸੇ ਵਿਚ 12 ਬੋਤਲਾਂ ਹੁੰਦੀਆਂ ਹਨ। ਸਾਡੇ ਨੌਜਵਾਨ ਜਿਹੜੀਆਂ ਨਸ਼ੀਲੀਆਂ ਦਵਾਈਆਂ (ਡਰੱਗਜ਼ ਆਦਿ) ਖਾਂਦੇ-ਪੀਂਦੇ ਹਨ, ਉਹ ਇਸ ਤੋਂ ਵੱਖਰੀਆਂ ਹਨ। ਸਾਡਾ ਪੰਜਾਬ ਬੌਧਿਕਤਾ-ਵਿਦਵਤਾ ਅਤੇ ਕਲਾਮਈ ਸੂਝਬੂਝ ਦੇ ਪੱਖੋਂ ਭਾਵੇਂ ਗਰੀਬ ਹੋਵੇ, ਪਰ ਉਹ ਸ਼ਰਾਬ ਤੇ ਨਸ਼ਿਆਂ ਦੇ ਪੱਖੋਂ ਬੇਹੱਦ ਅਮੀਰ ਹੈ।
ਇਕ ਘਟਨਾ ਇਸ ਕਠੋਰ ਸਚਾਈ ਨੂੰ ਸਾਹਮਣੇ ਲਿਆਂਦੀ ਹੈ। ਮਨੀਪੁਰ ਦੇ ਰਾਜਪਾਲ ਸ੍ਰੀ ਗੁਰਬਚਨ ਜਗਤ ਆਪਣੇ ਪੁਰਾਣੇ ਕਾਲਜ ਭਾਵ ਗੌਰਮਿੰਟ ਕਾਲਜ ਹੁਸ਼ਿਆਰਪੁਰ ਵਿਚ ਇਕ ਕਨਵੋਕੇਸ਼ਨ ਨੂੰ ਸੰਬੋਧਨ ਕਰਨ ਲਈ ਆਏ। ਸ੍ਰੀ ਜਗਤ ਬੜੇ ਇਮਾਨਦਾਰ ਅਫਸਰ ਹਨ ਅਤੇ ਉਹ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਅਤੇ ਸੀਮਾ ਸੁਰੱਖਿਆ ਬਲ ਦੇ ਮੁਖੀ ਰਹਿ ਚੁੱਕੇ ਹਨ। ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਪੁਰਾਣੇ ਕਾਲਜ ਦੇ ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਉਨ੍ਹਾਂ ਹੱਥੋਂ ਡਿਗਰੀਆਂ ਹਾਸਲ ਕੀਤੀਆਂ ਸਨ, ਵਿਚੋਂ ਨੌਜਵਾਨ ਕੁੜੀਆਂ ਦੀ ਗਿਣਤੀ ਵਧੇਰੇ ਸੀ। ਉਨ੍ਹਾਂ ਨੇ ਪ੍ਰਿੰਸੀਪਲ ਸਾਹਿਬ ਨੂੰ ਪੁੱਛਿਆ: ਮੁੰਡੇ ਕਿੱਥੇ ਹਨ? ਪਤਾ ਲੱਗਾ ਕਿ ਨੌਜਵਾਨ ਮੁੰਡੇ ਜਾਂ ਤਾਂ ਵਿਦੇਸ਼ਾਂ ਨੂੰ ਭੱਜ ਗਏ ਹਨ ਅਤੇ ਜਾਂ ਸ਼ਰਾਬ ਤੇ ਨਸ਼ਿਆਂ ਵਿਚ ਮਸਤ ਹਨ। ਵਿੱਦਿਆ ਮਾਹਿਰਾਂ ਦਾ ਕਹਿਣਾ ਹੈ ਕਿ ਅੱਜਕਲ੍ਹ ਪੰਜਾਬ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ 70 ਫੀਸਦੀ ਵਿਦਿਆਰਥੀ ਕੁੜੀਆਂ ਹਨ। ਮੁੰਡਿਆਂ ਨੂੰ ਪਿੱਛੇ ਸੁੱਟ ਕੇ ਮੈਰਿਟ ਸੂਚੀਆਂ ਵਿਚ ਵੀ ਕੁੜੀਆਂ ਹੀ ਆ ਰਹੀਆਂ ਹਨ। ਇਕ ਪੱਖੋਂ ਤਾਂ ਇਹ ਸਥਿਤੀ ਬਹੁਤ ਚੰਗੀ ਹੈ ਪਰ ਕਈ ਹੋਰ ਪੱਖਾਂ ਤੋਂ ਇਹ ਬਹੁਤ ਮਾੜੀ ਹੈ।
PassPort Login